ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥
ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਨੇ ਗਿਆਨ ਦਾ ਸੁਰਮਾਂ ਮੇਰੀਆਂ ਅੱਖਾਂ ਵਿਚ ਪਾ ਕੇ ਮੈਨੂੰ ਸੱਚ ਜਣਾ ਦਿੱਤਾ | ਉਸ ਗਿਆਨ ਰੂਪੀ ਸੁਰਮੇ ਨਾਲ ਮੇਰੀ ਅਗਿਆਨਤਾ ਖਤਮ ਹੋ ਗਈ ਅਤੇ ਮੈਂ ਪਰਮਾਤਮਾ ਦੀ ਜੋਤ ਦਾ ਦੀਦਾਰ ਕਰ ਲਿਆ ਤਦ ਹੀ ਮੇਰਾ ਮਨ ਮੰਨਿਆ | ਜੋ ਵੀ ਮਨੁੱਖ ਗੁਰੂ ਕੋਲੋਂ ਗਿਆਨ ਰੂਪੀ ਸੁਰਮੇ ਦੀ ਪ੍ਰਾਪਤੀ ਕਰਦਾ ਹੈ ਓਹ ਪਰਮਾਤਮਾ ਦੀ ਜੋਤ ਦਾ ਦਰਸ਼ਨ ਕਰਦਾ ਹੈ ਉਸ ਨੂੰ ਹੀ ਪਰਮਾਤਮਾ ਦੇ ਦਰਬਾਰ ਤੇ ਸ਼ੋਭਾ ਮਿਲਦੀ ਹੈ |
ਇਹ ਮਨ ਦੇ ਵਿਚਾਰ ਹੀ ਹਨ ਪਤਾ ਨਹੀ ਕਦੋਂ ਕੀ ਸ਼ੰਕਾ ਪੈਦਾ ਕਰ ਦੇਣ | ਜਿਵੇਂ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ ਅਤੇ ਅੰਤ ਸਮੇਂ ਸਾਨੂੰ ਮੁਕਤੀ ਮਿਲ ਜਾਵੇਗੀ | ਪਰ ਸੋਚਣ ਵਾਲੀ ਗੱਲ ਹੈ ਕਿ ਅੰਤ ਵੇਲੇ ਇਹ ਮਨ ਕੀ ਵਿਚਾਰ ਪੈਦਾ ਕਰ ਦੇਵੇ ਕੋਈ ਨਹੀ ਜਾਣਦਾ | ਇਸ ਲਈ ਸਾਨੂੰ ਜਿਉਂਦੇ ਜੀਅ ਹੀ ਇਹ ਜਾਨਣਾ ਪਵੇਗਾ ਕਿ ਅਸੀਂ ਮੁਕਤ ਹੋ ਗਏ ਹਾਂ ਕਿ ਨਹੀ? ਜੇਕਰ ਜਿਉਂਦੇ ਜੀਅ ਨਹੀ ਜਾਣਿਆ ਤਾਂ ਇਸ ਗੱਲ ਦੀ ਗਾਰੰਟੀ ਕੌਣ ਦੇ ਸਕਦਾ ਹੈ ਕਿ ਮਰਨ ਤੋ ਬਾਦ ਸਾਨੂੰ ਮੁਕਤੀ ਮਿਲੇਗੀ ਜਾਂ ਨਹੀਂ ? ਇਸ ਲਈ ਗੁਰੂ ਸਾਹਿਬਾਨ ਕਹਿੰਦੇ ਹਨ -
ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥
ਗੁਰੂ ਨੇ ਮੇਰਾ ਭਰਮ ਦੂਰ ਕਰ ਦਿੱਤਾ | ਕਿਉ ਕਿ ਗੁਰੂ ਨੇ ਪਰਮਾਤਮਾ ਦੀ ਜੋਤ ਨੂੰ ਪਰਗਟ ਕਰ ਦਿੱਤਾ | ਜਿਸ ਨੂੰ ਵੀ ਕੋਈ ਅਜਿਹਾ ਮਹਾਂਪੁਰਸ਼ ਮਿਲ ਜਾਵੇਗਾ ਜੋ ਪਰਮਾਤਮਾ ਦੀ ਜੋਤ ਪਰਗਟ ਕਰ ਸਕੇ | ਉਸ ਨੂੰ ਹੀ ਗੁਰੂ ਸਾਹਿਬਾਨ ਦੁਆਰਾ ਰਚੀ ਬਾਣੀ ਦੀ ਸਮਝ ਆਵੇਗੀ |
No comments:
Post a Comment