ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹੇ ਜੀਵ! ਜੇਕਰ ਤੂੰ ਹਰ ਸਵਾਸ ਨਾਲ ਵੀ ਧਾਰਮਿਕ ਗ੍ਰੰਥਾਂ ਨੂੰ ਪੜ੍ਹੀ ਜਾਵੇ,ਤਾਂ ਵੀ ਕੁਝ ਹੋਣ ਵਾਲਾ ਨਹੀਂ | ਜਦੋਂ ਤਕ ਤੂੰ ਉਸ ਇੱਕ ਗੱਲ ਨੂੰ ਜਾਣ ਨਹੀਂ ਲੈਂਦਾ,ਜੋ ਲੇਖੇ ਵਿਚ ਹੈ | ਉਹ ਹੈ ਪਰਮਾਤਮਾ ਨੂੰ ਜਾਣ ਲੈਣਾ, ਉਸ ਨੂੰ ਦੇਖ ਲੈਣਾ | ਉਸ ਤੋਂ ਬਿਨਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਨਾਲ ਸਾਡੇ ਵਿਚ ਹੰਕਾਰ ਹੀ ਆਵੇਗਾ | ਰਾਵਣ ਨੂੰ 4 ਵੇਦ 6 ਸ਼ਾਸ਼ਤਰ ਕੰਠ ਸਨ,ਉਸ ਦਾ ਬਾਹਰੀ ਗਿਆਨ ਹੀ ਹੰਕਾਰ ਬਣ ਗਿਆ | ਗੁਰਬਾਣੀ ਵਿਚ ਗੁਰੂ ਸਾਹਿਬਾਨ ਨੇ ਉਸ ਨੂੰ ਮੂਰਖ ਕਹਿ ਦਿੱਤਾ | ਧਾਰਮਿਕ ਗ੍ਰੰਥਾਂ ਦੇ ਅੰਦਰ ਕੋਈ ਕਮੀ ਨਹੀਂ ਹੈ, ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਕਿਸੇ ਧਾਰਮਿਕ ਗ੍ਰੰਥ ਨੂੰ ਕਿਸ ਭਾਵਨਾ ਨਾਲ ਪੜ੍ਹਦੇ ਹਾਂ | ਕਈ ਲੋਕ ਤਾਂ ਧਾਰਮਿਕ ਗ੍ਰੰਥਾਂ ਦਾ ਪਾਠ ਸਿਰਫ ਆਪਣੇ ਗੁਜਾਰੇ ਲਈ ਹੀ ਕਰਦੇ ਹਨ | ਅਜਿਹੇ ਲੋਕਾਂ ਦਾ ਪਾਠ ਕੀਤਾ ਹੋਇਆ ਕਿਸ ਕੰਮ ਦਾ ? ਸਗੋਂ ਅਜਿਹੇ ਲੋਕਾਂ ਨੂੰ ਤਾਂ ਗੁਰੂ ਸਾਹਿਬਾਨ ਨੇ ਦੁਤਕਾਰਿਆ ਹੈ -
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥
ਗੁਰੂ ਸਾਹਿਬਾਨਾਂ ਨੇ ਆਤਮਿਕ ਗਿਆਨ ਦੇ ਨਾਲ ਨਾਲ ਸੰਸਾਰ ਦੀ ਹਾਲਤ ਨੂੰ ਵੀ ਧਾਰਮਿਕ ਗ੍ਰੰਥਾਂ ਦੇ ਅੰਦਰ ਦੱਸਿਆ ਹੈ | ਧਰਮ ਦੇ ਨਾਮ ਤੇ ਸਮਾਜ ਦੇ ਅੰਦਰ ਜੋ ਕੁਰੀਤੀਆਂ ਆ ਜਾਂਦੀਆਂ ਹਨ | ਉਹ੍ਨਾਂ ਨੂੰ ਦੱਸ ਕੇ ਉਹ੍ਨਾਂ ਤੋਂ ਬਚਣ ਦੀ ਪ੍ਰੇਰਨਾ ਦਿੱਤੀ |
ਬੇਦ ਪਾਠ ਸੰਸਾਰ ਕੀ ਕਾਰ ॥
ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥
ਬਿਨੁ ਬੂਝੇ ਸਭ ਹੋਇ ਖੁਆਰ ॥
ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥
ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਧੰਦਾ ਬਣ ਗਿਆ ਹੈ | ਪੰਡਿਤ ਇਹਨਾਂ ਨੂੰ ਪੜ੍ਹ ਕੇ ਵਿਚਾਰ ਸੁਨਾਓਦਾ ਹੈ ਅਤੇ ਪੈਸਾ ਕਮਾਉਂਦਾ ਹੈ | ਪਰ ਜਿਸ ਪਰਮਾਤਮਾ ਦੀ ਇਹ ਧਾਰਮਿਕ ਗ੍ਰੰਥ ਗੱਲ ਕਰਦੇ ਹਨ, ਜੇਕਰ ਉਸ ਨੂੰ ਨਹੀ ਜਾਣਿਆ ਤਾਂ ਧਾਰਮਿਕ ਗ੍ਰੰਥਾਂ ਦੀ ਕਥਾ ਸੁਨਾਉਣ ਕੋਈ ਵੀ ਲਾਭ ਨਹੀ ਹੈ | ਜੇਕਰ ਇਹਨਾਂ ਦਾ ਪਾਠ ਕੇਵਲ ਸੁਆਰਥ ਪੂਰਤੀ ਲਈ ਹੀ ਕੀਤਾ ਤਾਂ ਲਾਭ ਦੀ ਬਜਾਏ ਹਾਨੀ ਹੋ ਸਕਦੀ ਹੈ | ਕਬੀਰ ਸਾਹਿਬ ਕਹਿੰਦੇ ਹਨ -
ਪਡੀਆ ਕਵਨ ਕੁਮਤਿ ਤੁਮ ਲਾਗੇ ॥
ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥
ਹੇ ਪੰਡਿਤ! ਤੂੰ ਕਿਹੜੀ ਕੁਮੱਤੇ ਲੱਗ ਪਿਆ ਹੈ ? ਹੇ ਮੰਦੇ ਭਾਗੇ! ਤੂੰ ਪਰਮਾਤਮਾ ਦਾ ਸਿਮਰਨ ਨਹੀ ਕਰਦਾ, ਤੂੰ ਸਾਰੇ ਪਰਿਵਾਰ ਸਮੇਤ ਹੀ ਭਾਵ ਸਾਗਰ ਡੁੱਬ ਜਾਣਾ ਹੈ, ਕਿਉ ਕਿ ਜੇਕਰ ਕੋਈ ਧਰਮ ਗ੍ਰੰਥਾਂ ਦੀ ਬਾਣੀ ਵੇਚ ਕੇ ਭੋਲੇ ਭਾਲੇ ਲੋਕਾਂ ਕੋਲੋ ਪੈਸੇ ਲੈਂਦਾ ਹੈ ਤਾਂ ਉਸ ਪੈਸੇ ਦਾ ਅਸਰ ਉਸ ਦੇ ਪਰਿਵਾਰ ਤੇ ਕੀ ਹੋਵੇਗਾ ਜੋ ਉਸ ਪੈਸੇ ਨਾਲ ਖਰੀਦਿਆ ਹੋਇਆ ਅਨਾਜ ਖਾਂਦੇ ਹਨ | ਇਸ ਲਈ ਕਬੀਰ ਜੀ ਕਹਿਦੇ ਹਨ ਕਿ ਤੂੰ ਜਿਹੜੇ ਕੰਮ ਵਿੱਚ ਲਗਿਆ ਹੋਇਆ ਹੈਂ ,ਉਸ ਨਾਲ ਤੇਰਾ ਤਾਂ ਭਵਸਾਗਰ ਤੋਂ ਪਾਰ ਹੋਣ ਦਾ ਪ੍ਰਸ਼੍ਨ ਹੀ ਪੈਦਾ ਨਹੀਂ ਹੁੰਦਾ,ਤੇਰੇ ਪਰਿਵਾਰ ਨੇ ਵੀ ਭਾਵ ਸਾਗਰ ਤੋਂ ਪਾਰ ਨਹੀਂ ਹੋ ਸਕਣਾ |
ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥
ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥
ਤੈਨੂ ਇਹ ਧਾਰਮਿਕ ਗ੍ਰੰਥ ਪੜ੍ਹਨ ਦਾ ਕੋਈ ਲਾਭ ਨਹੀਂ ਹੋਣਾ,ਇਹ ਤਾਂ ਤੂੰ ਆਪਣੇ ਦਿਮਾਗ ਤੇ ਬੋਝ ਹੀ ਲੱਦੀ ਜਾ ਰਿਹਾ ਹੈ | ਜਿਵੇਂ ਖੋਤੇ ਦੇ ਉਪਰ ਆਮ ਭਾਰ ਲੱਦ ਦੇਵੋ ਜਾਂ ਚੰਦਨ,ਉਸ ਨੂੰ ਕੋਈ ਫ਼ਰਕ ਨਹੀ ਪੈਂਦਾ ਕਿਉ ਕਿ ਉਸ ਨੂੰ ਚੰਦਨ ਦੀ ਸੁਗੰਧੀ ਨਾਲ ਨਹੀਂ ਬਲਿ ਕਿ ਉਸ ਦੇ ਭਰ ਨਾਲ ਮਤਲਬ ਹੈ | ਇਸੇ ਤਰ੍ਹਾਂ ਜੇਕਰ ਤੂੰ ਉਸ ਨਾਮ ਨੂੰ ਨਹੀ ਜਾਣਿਆ,ਜਿਸ ਦੀ ਗੱਲ ਇਹਨਾਂ ਗ੍ਰੰਥਾਂ ਅੰਦਰ ਕੀਤੀ ਹੈ ਤਾਂ ਇਹ ਧਾਰਮਿਕ ਗ੍ਰੰਥ ਤੇਰੇ ਵਾਸਤੇ ਬੋਝ ਹੀ ਹਨ,ਫਿਰ ਤੂੰ ਭਵਸਾਗਰ ਕਿਵੇਂ ਪਾਰ ਕਰੇਂਗਾ ?
ਸਮੇਂ ਸਮੇਂ ਤੇ ਜਦੋ ਸੰਤ ਮਹਾਂਪੁਰਸ਼ ਇਸ ਜੀਵ ਨੂੰ ਮੋਹ ਮਾਇਆ ਦੀ ਨੀਦ ਤੋਂ ਜਗਾਉਂਦੇ ਹਨ,ਤਾਂ ਲੋਕ ਉਹ੍ਨਾਂ ਦਾ ਵਿਰੋਧ ਕਰਦੇ ਹਨ | ਇਤਿਹਾਸ ਅੰਦਰ ਝਾਤੀ ਮਾਰ ਕੇ ਦੇਖੋ,ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਭੂਤਨਾ - ਬੇਤਾਲਾ ਕਿਹਾ,ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ | ਹਰ ਸਮੇਂ ਦੇ ਲੋਕਾਂ ਨੇ ਕਿਸੇ ਵੀ ਸੰਤ ਮਹਾਪੁਰਸ਼ ਨਾਲ ਸਹੀ ਵਿਵਹਾਰ ਨਹੀ ਕੀਤਾ | ਉਹ ਲੋਕ ਹੀ ਸੰਤ ਮਹਾਪੁਰਸ਼ਾਂ ਦਾ ਵਿਰੋਧ ਕਰਦੇ ਹਨ,ਜਿਹਨਾ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ, ਕਿਉ ਕਿ ਉਹ ਨਹੀਂ ਚਾਹੁੰਦੇ ਹਨ ਕਿ ਲੋਕਾਂ ਨੂੰ ਜੀਵਨ ਦੀ ਸੱਚਾਈ ਦਾ ਪਤਾ ਚੱਲ ਸਕੇ | ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਵਿਰੋਧ ਵੀ ਹਮੇਸ਼ਾ ਸੱਚ ਦਾ ਹੀ ਹੁੰਦਾ ਹੈ ਅਤੇ ਅਖੀਰ ਵਿਚ ਜਿੱਤ ਵੀ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ | ਇਸ ਲਈ ਸਾਨੂੰ ਵੀ ਜਰੂਰਤ ਹੈ ਕਿ ਇਕ ਪੂਰਨ ਸੰਤ ਦੀ ਖੋਜ ਕਰੀਏ ਜੋ ਸਾਡੇ ਸਰੀਰ ਵਿਚ ਉਸ ਪਰਮਾਤਮਾ ਦਾ ਦਰਸ਼ਨ ਕਰਵਾ ਦੇਵੇ | ਜੋ ਸਾਰੇ ਧਾਰਮਿਕ ਗ੍ਰੰਥਾਂ ਵਿਚ ਲਿਖਿਆ ਹੈ,ਜਦੋਂ ਅਸੀਂ ਉਸ ਨੂੰ ਆਪਨੇ ਅੰਦਰ ਹੀ ਪ੍ਰੈਕਟੀਕਲ ਰੂਪ ਦੇਖ ਲੇਖ ਲਵਾਂਗੇ, ਉਸ ਤੋਂ ਬਾਦ ਹੀ ਸਾਨੂੰ ਧਾਰਮਿਕ ਗ੍ਰੰਥਾਂ ਦੀ ਸਮਝ ਆ ਸਕਦੀ ਹੈ | ਉਸ ਤੋਂ ਬਾਦ ਹੀ ਭਗਤੀ ਦੀ ਸੁਰੂਆਤ ਹੁੰਦੀ ਹੈ |
Very nice
ReplyDelete