ਪਰਮਾਤਮਾ ਦੀ ਭਗਤੀ ਕਰਨ ਦਾ ਢੰਗ ਕੇਵਲ ਇੱਕ ਹੈ ਅਤੇ ਉਸ ਢੰਗ ਦੀ ਗੱਲ ਸਾਡੇ ਧਾਰਮਿਕ ਗ੍ਰੰਥਾਂ ਅੰਦਰ ਕੀਤੀ ਗਈ ਹੈ | ਜਦੋਂ ਵੀ ਕੋਈ ਸੰਤ ਮਹਾਂਪੁਰਸ਼ ਇਸ ਸੰਸਾਰ ਤੇ ਆਉਂਦਾ ਹੈ ਤਾਂ ਉਹ ਭਗਤੀ ਕਰਨ ਦਾ ਕੋਈ ਨਵਾਂ ਢੰਗ ਨਹੀਂ ਲੈ ਕੇ ਆਉਂਦਾ | ਭਗਤੀ ਕਰਨ ਦਾ ਢੰਗ ਹਰ ਯੁੱਗ ਦੇ ਅੰਦਰ ਇੱਕ ਹੀ ਰਿਹਾ ਹੈ | ਹਰ ਮਹਾਂਪੁਰਸ਼ ਨੇ ਉਸੇ ਹੀ ਢੰਗ ਦੀ ਗੱਲ ਕੀਤੀ ਹੈ ਅਤੇ ਸਾਡੇ ਧਾਰਮਿਕ ਗ੍ਰੰਥਾਂ ਦੇ ਆਧਾਰ ਤੇ ਹੀ ਸਮਝਾਇਆ ਹੈ | ਗੁਰੂ ਸਾਹਿਬਾਨ ਕਹਿੰਦੇ ਹਨ ਕਿ ਜਦੋਂ ਵੀ ਸਾਨੂੰ ਪੂਰਨ ਸੰਤ ਮਹਾਂਪੁਰਸ਼ ਮਿਲੇਗਾ ਉਹ ਸਾਨੂੰ ਦਸਵੇਂ ਦੁਆਰ ਦੀ ਕੁੰਜੀ ਦੇਵੇਗਾ | ਜੋ ਆਪਣੀ ਮਰਜੀ ਦੇ ਨਾਲ ਹੀ ਕਿਸੇ ਆਪਣੇ ਨਵੇਂ ਢੰਗ ਨਾਲ ਭਗਤੀ ਕਰਨੀ ਸਿਖਾਉਂਦਾ ਹੈ ਉਸ ਨੂੰ ਮਹਾਂਪੁਰਸ਼ ਕਿਹਾ ਹੀ ਨਹੀਂ ਜਾ ਸਕਦਾ | ਸੰਤ ਕਬੀਰ ਜੀ ਨੇ ਵੀ ਕਿਹਾ ਹੈ ਕਿ ਜਦੋਂ ਦਸਵੇਂ ਦੁਆਰ ਦੀ ਕੁੰਜੀ ਮਿਲ ਜਾਂਦੀ ਹੈ ਤਾਂ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ |
ਦਸਵੈ ਦੁਆਰਿ ਕੁੰਚੀ ਜਬ ਦੀਜੈ ॥
ਤਉ ਦਇਆਲ ਕੋ ਦਰਸਨੁ ਕੀਜੈ ॥੨੪॥
ਜੇਕਰ ਉਸ ਸੰਤ ਮਹਾਂਪੁਰਸ਼ ਨੇ ਪਰਮਾਤਮਾ ਦਾ ਦਰਸ਼ਨ ਕਰਵਾ ਦਿੱਤਾ ਤਾਂ ਉਹ ਪੂਰਨ ਮਹਾਪੁਰਸ਼ ਹੈ ਅਤੇ ਜੇਕਰ ਇਹ ਕਹਿੰਦਾ ਹੈ ਕਿ ਮੈਂ ਕੁੰਜੀ ਤਾਂ ਤਹਾਨੂੰ ਦੇ ਦਿੱਤੀ ਹੈ ਪਰ ਪਰਮਾਤਮਾ ਦੇ ਦਰਸ਼ਨ ਤੁਹਾਡੀ ਮਿਹਨਤ ਨਾਲ ਹੋਣਗੇ ਤਾਂ ਉਹ ਸਾਨੂੰ ਧੋਖੇ ਵਿਚ ਰੱਖ ਰਿਹਾ ਹੈ | ਕੇਵਲ ਦਸਵੇਂ ਦੁਆਰ ਦੀਆਂ ਗੱਲਾਂ ਕਰਨ ਨਾਲ ਹੀ ਸਾਡੀ ਭਗਤੀ ਸ਼ੁਰੂ ਨਹੀਂ ਹੋ ਜਾਵੇਗੀ, ਬਲਿ ਕਿ ਇਸ ਲਈ ਦਸਵਾਂ ਦੁਆਰ ਖੁੱਲਨਾ ਚਾਹੀਦਾ ਅਤੇ ਪਰਮਾਤਮਾ ਦਾ ਦਰਸ਼ਨ ਹੋਣਾ ਚਾਹੀਦਾ ਹੈ | ਇਕ ਡਾਕਟਰ ਜਦੋਂ ਕਿਸੇ ਦੀ ਅੱਖ ਦਾ ਅਪ੍ਰੇਸ਼ਨ ਕਰਦਾ ਹੈ ਤਾਂ ਉਹ ਇਹ ਨਹੀਂ ਕਹਿੰਦਾ ਕਿ ਮੈਂ ਤੇਰੀ ਅੱਖ ਦਾ ਅਪ੍ਰੇਸ਼ਨ ਕਰ ਦਿੱਤਾ ਹੈ ਅਤੇ ਸਾਲ ਦੋ ਸਾਲ ਬਾਅਦ ਤੈਨੂੰ ਦਿਖਾਈ ਦੇਣ ਲੱਗ ਪਵੇਗਾ | ਉਹ ਅਪ੍ਰੇਸ਼ਨ ਕਰਕੇ ਜਦੋਂ ਅੱਖਾਂ ਤੋਂ ਪੱਟੀ ਉਤਾਰਦਾ ਹੈ ਤਾਂ ਉਸ ਸਮੇਂ ਪੁਛਦਾ ਹੈ ਕਿ ਤੈਨੂੰ ਕੀ ਦਿਖਾਈ ਦੇ ਰਿਹਾ ਹੈ ? ਜੇਕਰ ਸੰਤ ਮਹਾਂਪੁਰਸ਼ ਇਹ ਕਹੇ ਕਿ ਮੈਂ ਤੈਨੂੰ ਦਸਵੇਂ ਦੁਆਰ ਦੀ ਚਾਬੀ ਦੇ ਦਿੱਤੀ ਹੈ,ਸਾਲ ਦੋ ਸਾਲ ਬਾਅਦ ਤੈਨੂੰ ਪਰਮਾਤਮਾ ਦਾ ਦਰਸ਼ਨ ਹੋ ਜਾਵੇਗਾ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਸਾਲ ਦੋ ਸਾਲ ਤਕ ਅਸੀਂ ਇਸ ਸੰਸਾਰ ਤੇ ਜਿਉਦੇ ਹੀ ਰਹਾਂਗੇ ? ਗੁਰੂ ਸਾਹਿਬਾਨ ਕਹਿੰਦੇ ਹਨ -
ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥
ਕਿਸੇ ਵੀ ਜੀਵ ਦੇ ਸੁਆਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਗਲਾ ਸੁਆਸ ਆਵੇਗਾ ਜਾਂ ਨਹੀਂ |ਇਕ ਸੁਆਸ ਦਾ ਆਉਣਾ ਹੀ ਆਦਮੀ ਹੈ,ਇਸ ਸੁਆਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕਦੋਂ ਰੁਕ ਜਾਵੇ | ਇਸ ਲਈ ਸਾਨੂੰ ਵੀ ਜਰੂਰਤ ਹੈ ਕਿ ਅਸੀਂ ਵੀ ਪੂਰਨ ਸੰਤ ਦੀ ਖੋਜ ਕਰੀਏ ਜੋ ਸਾਡੇ ਸਰੀਰ ਵਿਚ ਹੀ ਪਰਮਾਤਮਾ ਦੇ ਦਰਸ਼ਨ ਕਰਵਾ ਦੇਵੇ | ਪਰਮਾਤਮਾ ਦੇ ਪ੍ਰਕਾਸ਼ ਰੂਪ ਵਿਚ ਦਰਸ਼ਨ ਹੋ ਜਾਣਾ,ਦਸਮ ਦੁਆਰ ਖੁਲਣ ਦੀ ਨਿਸ਼ਾਨੀ ਹੈ | ਉਸ ਤੋਂ ਬਾਦ ਹੀ ਭਗਤੀ ਸ਼ੁਰੂ ਹੁੰਦੀ ਹੈ |
No comments:
Post a Comment