ਹਰ ਇਨਸਾਨ ਦੋ ਅੱਖਾਂ ਨਾਲ ਬਾਹਰ ਦੇਖਦਾ ਹੈ ਠੀਕ ਇਸੇ ਤਰ੍ਹਾਂ ਗੁਰੂ ਕੋਲੋਂ ਤੀਸਰਾ ਨੇਤਰ ਪ੍ਰਾਪਤ ਕਰਕੇ ਇਨਸਾਨ ਆਪਨੇ ਅੰਦਰ ਦੇਖ ਸਕਦਾ ਹੈ | ਉਸ ਦ੍ਰਿਸ਼ਟੀ ਨੂੰ ਪ੍ਰਾਪਤ ਕਰਕੇ ਕੋਈ ਵੀ ਇਨਸਾਨ ਪਰਮਾਤਮਾ ਵਿਚ ਲੀਨ ਹੋ ਸਕਦਾ ਹੈ | ਇਸਦੇ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹਨ -
ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥
ਆਤਮਿਕ ਗਿਆਨ ਨਾ ਹੋਣ ਕਾਰਨ ਲੋਕ ਧਰਮ ਗ੍ਰੰਥਾਂ ਦੇ ਆਪਣੀ ਮਨ ਬੁੱਧੀ ਦੁਆਰਾ ਗਲਤ ਅਰਥ ਕਰਕੇ ਮੰਜਿਲ ਤੇ ਪਹੁੰਚਣ ਦੀ ਬਜਾਏ ਉਸ ਤੋਂ ਦੂਰ ਜਾ ਰਹੇ ਹਨ | ਜਾਪਾਨ ਵਿਚ ਮਹਾਤਮਾ ਬੁੱਧ ਦਾ ਇਕ ਮੰਦਿਰ ਹੈ | ਉਸ ਵਿਚ ਤਿੰਨ ਮੂਰਤੀਆਂ ਪਈਆਂ ਹਨ | ਇਕ ਮੂਰਤੀ ਦੇ ਅੱਖਾਂ ਉਪਰ ਹੱਥ ਰੱਖੇ ਹੋਏ ਹਨ, ਦੂਸਰੀ ਦੇ ਕੰਨਾਂ ਉਪਰ ਅਤੇ ਤੀਸਰੀ ਦੇ ਮੂੰਹ ਉਪਰ ਹੱਥ ਰੱਖੇ ਹੋਏ ਹਨ | ਬਹੁਤ ਸਾਰੇ ਲੋਕ ਮੂਰਤੀਆਂ ਨੂੰ ਦੇਖਦੇ ਹਨ ਅਤੇ ਵਖਰੇ ਵਖਰੇ ਅਰਥ ਲਗਾਉਂਦੇ ਹਨ | ਵਿਦਵਾਨਾਂ ਦੁਆਰਾ ਉਹ੍ਨਾਂ ਮੂਰਤੀਆਂ ਦੇ ਠੀਕ ਅਰਥ ਇਹ ਮੰਨੇ ਗਏ ਹਨ ਕਿ ਜਿਸ ਮੂਰਤੀ ਦੇ ਅੱਖਾਂ ਉਪਰ ਹੱਥ ਰੱਖੇ ਹੋਏ ਹਨ ਉਹ ਸੰਕੇਤ ਕਰਦੀ ਹੈ ਕਿ ਬੁਰਾ ਨਾ ਦੇਖੋ | ਜਿਸ ਦੇ ਕੰਨਾਂ ਉਪਰ ਹੱਥ ਰੱਖੇ ਹੋਏ ਹਨ ਉਹ ਸੰਕੇਤ ਕਰਦੀ ਹੈ ਕੇ ਬੁਰਾ ਨਾ ਸੁਣੋ | ਜਿਸ ਦੇ ਮੂੰਹ ਉਪਰ ਹੱਥ ਰੱਖੇ ਹਨ ਉਹ ਸੰਕੇਤ ਕਰਦੀ ਹੈ ਕਿ ਬੁਰਾ ਨਾ ਬੋਲੋ |
ਪਰ ਉਹ ਮੂਰਤੀਆਂ ਮਹਾਤਮਾ ਬੁੱਧ ਦੇ ਮੰਦਿਰ ਅੰਦਰ ਪਈਆਂ ਹਨ ਅਤੇ ਮਹਾਤਮਾ ਬੁੱਧ ਇਕ ਆਤਮ -ਗਿਆਨੀ ਪੁਰਸ਼ ਸਨ | ਇਸ ਲਈ ਇਹ ਮੂਰਤੀਆਂ ਆਤਮਿਕ ਗਿਆਨ ਵੱਲ ਸੰਕੇਤ ਕਰਦੀਆਂ ਹਨ | ਆਤਮਿਕ ਗਿਆਨੀ ਪੁਰਸ਼ ਉਹ੍ਨਾਂ ਮੂਰਤੀਆਂ ਦਾ ਭਾਵ ਦੱਸਦਾ ਹੈ ਕਿ ਜਿਸ ਮੂਰਤੀ ਦੇ ਅੱਖਾਂ ਉਪਰ ਹੱਥ ਰਖਿਆ ਹੋਇਆ ਹੈ ਉਹ ਦਸਦੀ ਹੈ ਕਿ ਪਰਮਾਤਮਾ ਨੂੰ ਇਹਨਾਂ ਅੱਖਾਂ ਤੋਂ ਬਿਨਾ ਦੇਖਿਆ ਜਾਂਦਾ ਹੈ | ਜਿਸ ਮੂਰਤੀ ਦੇ ਕੰਨਾਂ ਉਪਰ ਹੱਥ ਰੱਖੇ ਹੋਏ ਹਨ ਉਹ ਦਸਦੀ ਹੈ ਕਿ ਉਸਦੀ ਆਵਾਜ ਨੂੰ ਬਿਨਾਂ ਕੰਨਾਂ ਤੋਂ ਸੁਣਿਆ ਜਾਂਦਾ ਹੈ | ਜਿਸ ਦੇ ਮੂੰਹ ਉਪਰ ਹੱਥ ਰਖਿਆ ਹੈ ਉਹ ਸੰਕੇਤ ਕਰਦੀ ਹੈ ਕਿ ਪਰਮਾਤਮਾ ਦਾ ਸਿਮਰਨ ਜੁਬਾਨ ਤੋਂ ਬਿਨਾ ਕੀਤਾ ਜਾਂਦਾ ਹੈ | ਇਹੀ ਵਿਚਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਬਾਣੀ ਵਿਚ ਦੱਸੇ ਹਨ -
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
ਜਿਨਾਂ ਚਿਰ ਮਨੁੱਖ ਦਿਬਿ ਦ੍ਰਿਸ਼ਟੀ ਪ੍ਰਾਪਤ ਨਹੀਂ ਕਰਦਾ ਉਨਾਂ ਚਿਰ ਇਹਨਾਂ ਮੂਰਤੀਆਂ ਅਤੇ ਧਰਮ ਗ੍ਰੰਥਾਂ ਦੇ ਸ਼ਬਦਾਂ ਦੇ ਅਰਥ ਠੀਕ ਨਹੀਂ ਕਰ ਸਕਦਾ | ਜਿਸ ਵਿਵੇਕ ਬੁੱਧ ਨੂੰ ਪ੍ਰਾਪਤ ਕਰਕੇ ਮਹਾਪੁਰਸ਼ਾਂ ਨੇ ਗ੍ਰੰਥ ਲਿਖੇ ਉਸ ਵਿਵੇਕ ਬੁੱਧ ਨੂੰ ਪ੍ਰਾਪਤ ਕਰਕੇ ਹੀ ਇਹਨਾਂ ਦੇ ਠੀਕ ਅਰਥ ਹੋ ਸਕਦੇ ਹਨ | ਇਸ ਲਈ ਜਰੂਰਤ ਹੈ ਉਸ ਦਿਬਿ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਦੀ,ਫਿਰ ਹੀ ਸਾਨੂੰ ਧਾਰਮਿਕ ਗ੍ਰੰਥਾਂ ਦੀ ਸਮਝ ਆ ਸਕਦੀ ਹੈ | ਉਸ ਦੇ ਲਈ ਸਾਨੂੰ ਪੂਰਨ ਗੁਰੂ ਦੀ ਸ਼ਰਣ ਵਿਚ ਜਾਣਾ ਹੀ ਪਵੇਗਾ |
No comments:
Post a Comment