ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥
ਜੇ ਕਿਸੇ ਦੇ ਘਰ ਵਿੱਚ ਇੱਕ ਚੋਰ ਆ ਜਾਵੇ ਤਾਂ ਉਹ ਪੂਰਾ ਘਰ ਲੁੱਟ ਕੇ ਲੈ ਜਾਂਦਾ ਹੈ,ਪਰ ਜਿਸ ਘਰ ਵਿੱਚ ਇਕੱਠੇ ਪੰਜ ਚੋਰ ਹੋਣ ਉਸ ਦੇ ਨੁਕਸਾਨ ਬਾਰੇ ਕੀ ਕਿਹਾ ਜਾ ਸਕਦਾ ਹੈ ? ਇਸ ਸਰੀਰ ਰੂਪੀ ਘਰ ਅੰਦਰ ਕਾਮ,ਕ੍ਰੋਧ,ਲੋਭ,ਮੋਹ,ਹੰਕਾਰ ਪੰਜ ਚੋਰ ਹਰ ਸਮੇਂ ਘਰ ਨੂੰ ਲੁੱਟ ਰਹੇ ਹਨ | ਜਿਸ ਨੂੰ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਇਹ ਜੀਵ ਅਮਰ ਹੋ ਸਕਦਾ ਹੈ | ਉਸੇ ਅੰਮ੍ਰਿਤ ਨੂੰ ਪੰਜ ਚੋਰ ਲੁੱਟ ਰਹੇ ਹਨ | ਮਨਮੁਖ ਜੀਵ ਨੂੰ ਇਹਨਾਂ ਚੋਰਾਂ ਬਾਰੇ ਪਤਾ ਨਹੀਂ ਹੈ | ਇਸ ਕਰਕੇ ਇਹ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰੀ ਜਾ ਰਹੇ ਹਨ | ਸੰਤ ਰਵਿਦਾਸ ਜੀ ਕਹਿੰਦੇ ਹਨ ਕਿ ਮ੍ਰਿਗ, ਮੱਛੀ,ਭੌਰਾ,ਪਤੰਗਾ ਅਤੇ ਹਾਥੀ ਨੂੰ ਕੇਵਲ ਇੱਕ ਰੋਗ ਦੁਖੀ ਕਰ ਰਿਹਾ ਹੈ | ਜਿਸ ਕਾਰਨ ਉਹਨਾਂ ਦੀ ਮੋਤ ਹੋ ਜਾਂਦੀ ਹੈ | ਪਰ ਇਸ ਜੀਵ ਦੇ ਅੰਦਰ ਤਾਂ ਪੰਜ ਅਸਾਧ ਰੋਗ ਹਨ ਉਹ ਵਿਚਾਰਾ ਕੀ ਕਰੇ ?
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥
ਮ੍ਰਿਗ ਨੂੰ ਘੰਡੇ ਹੇਡ੍ਹੇ ਦੀ ਆਵਾਜ ਸੁਣਨ ਦਾ ਰੋਗ ਹੈ,ਜਦੋਂ ਸ਼ਿਕਾਰੀ ਇਹ ਆਵਾਜ ਪੈਦਾ ਕਰਦਾ ਹੈ ਤਾਂ ਹਿਰਨ ਮਸਤ ਹੋ ਕੇ ਉਸ ਪਾਸੇ ਵੱਲ ਆ ਜਾਂਦਾ ਹੈ | ਇਹ ਆਵਾਜ ਹੀ ਉਸ ਦੀ ਮੋਤ ਦਾ ਕਾਰਨ ਬਣਦੀ ਹੈ | ਮੱਛੀ ਨੂੰ ਮਾਸ ਖਾਣ ਦਾ ਰੋਗ ਲੱਗਾ ਹੋਇਆ ਹੈ | ਜਦੋਂ ਸ਼ਿਕਾਰੀ ਨੇ ਮੱਛੀ ਨੂੰ ਫੜਨਾ ਹੋਵੇ ਤਾਂ ਲੋਹੇ ਦੀ ਕੁੰਡੀ ਦੇ ਅਗਲੇ ਹਿੱਸੇ ਉਪਰ ਮਾਸ ਦਾ ਟੁਕੜਾ ਲਗਾ ਕੇ ਪਾਣੀ ਵਿੱਚ ਲਟਕਾ ਦਿੰਦਾ ਹੈ | ਜਦੋਂ ਮੱਛੀ ਮਾਸ ਦੇ ਟੁਕੜੇ ਦੇ ਕੋਲ ਪਹੁੰਚਦੀ ਹੈ ਤਾਂ ਲੋਹੇ ਦੀ ਕੁੰਡੀ ਉਸਦੇ ਗਲ ਵਿੱਚ ਫਸ ਜਾਂਦੀ ਹੈ ਅਤੇ ਉਸ ਦੀ ਮੋਤ ਹੋ ਜਾਂਦੀ ਹੈ | ਭੌਰੇ ਨੂੰ ਸੁਗੰਧੀ ਲੈਣ ਦਾ ਰੋਗ ਹੈ | ਉਹ ਉਡਦਾ ਕਿਸੇ ਕਮਲ ਦੇ ਫੁੱਲ ਉਪਰ ਜਾ ਕੇ ਬੈਠ ਜਾਂਦਾ ਹੈ ਅਤੇ ਸੁਗੰਧੀ ਵਿੱਚ ਬਹੁਤ ਜਿਆਦਾ ਮਸਤ ਹੋ ਜਾਂਦਾ ਹੈ ਜਦੋਂ ਸੂਰਜ ਛਿਪ ਜਾਂਦਾ ਹੈ ਤਾਂ ਭੌਰਾ ਕਮਲ ਦੇ ਫੁੱਲ ਅੰਦਰ ਹੀ ਬੰਦ ਹੋ ਜਾਂਦਾ ਹੈ ਅਤੇ ਉਸਦੀ ਮੋਤ ਹੋ ਜਾਂਦੀ ਹੈ | ਪਤੰਗੇ ਨੂੰ ਰੋਸ਼ਨੀ ਉਪਰ ਮੰਡਰਾਉਣ ਦਾ ਰੋਗ ਹੈ | ਜਦੋਂ ਉਹ ਰੋਸ਼ਨੀ ਦੇ ਕੋਲ ਜਾਂਦਾ ਹੈ ਤਾਂ ਉਸ ਦੀ ਵੀ ਮੋਤ ਹੋ ਜਾਂਦੀ ਹੈ | ਹਾਥੀ ਨੂੰ ਕਾਮ ਦਾ ਰੋਗ ਹੋਣ ਕਾਰਨ ਬਰਬਾਦ ਹੋਣਾ ਪੈਂਦਾ ਹੈ | ਮ੍ਰਿਗ,ਮੱਛੀ,ਭੌਰਾ,ਪਤੰਗੇ ਅਤੇ ਹਾਥੀ ਨੂੰ ਕੇਵਲ ਇੱਕ ਰੋਗ ਹੈ ਜੋ ਉਹਨਾਂ ਨੂੰ ਬਰਬਾਦ ਕਰ ਦਿੰਦਾ ਹੈ | ਪਰ ਮਨੁੱਖ ਨੂੰ ਅਜਿਹੇ ਪੰਜ ਰੋਗ ਲੱਗੇ ਹਨ ਇਹੀ ਕਾਰਨ ਹੈ ਕਿ ਇਹ ਇੰਨਾ ਦੁਖੀ ਹੈ | ਮਨੁੱਖ ਇਹਨਾਂ ਰੋਗਾਂ ਦਾ ਇਲਾਜ ਬਾਹਰ ਲੱਭ ਰਿਹਾ ਹੈ |
ਆਤਮਿਕ ਗਿਆਨ ਦੇ ਪੂਰਨ ਪ੍ਰਕਾਸ਼ ਹੋਣ ਨਾਲ ਇਹ ਪੰਜੇ ਸ਼ਕਤੀਆਂ ਮਿੱਤਰ ਬਣ ਜਾਂਦੀਆਂ ਹਨ | ਜਿਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਦੋਂ ਆਪਣੇ ਅਸਲੀ ਘਰ ਦਾ ਪਤਾ ਲੱਗ ਗਿਆ ਤਾਂ ਇਹ ਸ਼ਕਤੀਆਂ ਸਤਿ,ਸੰਤੋਖ ,ਦਇਆ,ਧਰਮ ਅਤੇ ਧੀਰਜ ਦੇ ਰੂਪ ਵਿੱਚ ਬਦਲ ਗਈਆਂ | ਜਿਸ ਦੇ ਅੰਦਰ ਇਹ ਪੰਜ ਵਿਕਾਰ ਪੰਜ ਗੁਣਾਂ ਦਾ ਰੂਪ ਧਾਰਨ ਕਰ ਗਏ ਮੈਂ ਉਸ ਦਾ ਦਾਸ ਹਾਂ |
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ॥
ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥
ਆਤਮਿਕ ਗਿਆਨ ਦੀ ਪ੍ਰਾਪਤੀ ਕਰਨ ਨਾਲ ਇਹ ਪੰਜ ਵਿਕਾਰ ਪੰਜ ਗੁਣਾਂ ਵਿੱਚ ਬਦਲ ਜਾਂਦੇ ਹਾਂ | ਇਸ ਲਈ ਸਾਨੂੰ ਵੀ ਜਰੂਰਤ ਹੈ ਕਿ ਅਸੀਂ ਵੀ ਪੂਰਨ ਸਤਿਗੁਰੂ ਦੀ ਸ਼ਰਣ ਵਿੱਚ ਜਾ ਕੇ ਉਸ ਆਤਮਿਕ ਗਿਆਨ ਨੂੰ ਪ੍ਰਾਪਤ ਕਰੀਏ |
No comments:
Post a Comment